Friday, February 28, 2014

ਕੀ ਮਾਸ ਖਾਣ ਨਾਲ ਕਾਮ ਚੇਸ਼ਟਾ ਅਤੇ ਵਿਸ਼ੇ ਵਿਕਾਰ ਪੈਦਾ ਹੁੰਦੇ ਹਨ? - Jhatka Prakash Granth

ਕੀ ਮਾਸ ਖਾਣ ਨਾਲ ਕਾਮ ਚੇਸ਼ਟਾ ਅਤੇ ਵਿਸ਼ੇ ਵਿਕਾਰ ਪੈਦਾ ਹੁੰਦੇ ਹਨ?
(ਗਿਆਨੀ ਨਰਿੰਜਨ ਸਿੰਘ ਸਰਲ, ਸਾਬਕਾ ਪ੍ਰਚਾਰਕ ਐਸ.ਜੀ.ਪੀ.ਸੀ, ਭਾਈ ਰਣਧੀਰ ਸਿੰਘ (ਅਖੰਡ ਕਿਰਤਨੀ ਜਥਾ) ਦੇ ਜੁਆਬ ਵਿੱਚ) ਪੰਨਾ: ੧੮-੨੧

ਭਾਈ ਰਣਧੀਰ ਸਿੰਘ, ਮਾਸ ਵਿਚ ਇਹ ਔਗੁਣ ਵੀ ਕਢਦੇ ਹਨ ਕਿ ਮਾਸ ਖਾਣ ਨਾਲ ਕਾਮ ਚੇਸ਼ਟਾ ਪੈਦਾ ਹੁੰਦੀ ਹੈ। ਇਹ ਵਿਸ਼ੇ ਵਿਕਾਰ ਨੂੰ ਉਪਜਾਉਂਦਾ ਹੈ ਅਤੇ ਇਖਲਾਕ ਨੂੰ ਡੇਗਦਾ ਹੈ।

ਭਾਈ ਸਾਹਿਬ ਦਾ ਇਹ ਇਤਰਾਜ ਸਿਰ ਤੋਂ ਪੈਰਾ ਤਕ ਗਲਤ ਹੈ।

ਤੁਸੀਂ ਇਕ ਸ਼ੇਰ ਦੀ ਮਿਸਾਲ ਹੀ ਲੈ ਲਵੋ, ਸ਼ੇਰ ਇਕ ਐਸਾ ਜਾਨਵਰ ਹੈ ਜਿਹੜਾ ਕਿ ਨਿਰੋਲ ਮਾਸਾਹਾਰੀ ਹੈ, ਪਰ ਕਾਮੀ ਬਿਲਕੁਲ ਨਹੀ। ਇਹ ਸਾਰੀ ਉਮਰ ਵਿਚ ਕੇਵਲ ਇਕ ਵੇਰ ਭੋਗ ਕਰਦਾ ਹੈ। ਇਸੇ ਲਈ 'ਸਿੰਘ ਸਪਰਸ਼, ਸਪੁਰਸ਼ ਬਚ, ਕਦਲੀ ਫਲ ਇਕ ਵਾਰ' ਆਖਿਆ ਗਿਆ ਹੈ।
ਇਸ ਦੇ ਮੁਕਾਬਲੇ ਹਾਥੀ ਵਲ ਵੇਖੋ, ਇਹ ਨਿਰੋਲ ਪਸ਼ੂਆਂ ਵਾਲੇ ਪੱਠੇ ਤੇ ਦਰਖਤਾਂ ਦੇ ਪੱਤੇ ਆਦਿਕ ਖਾਂਦਾ ਹੈ, ਪਰ ਹੈ ਸਭ ਤੋਂ ਵਧ ਕਾਮੀ। ਕਾਮ ਦੇ ਕਾਰਨ ਇਸ ਦੀ ਹੋਈ ਤਰਸ ਯੋਗ ਹਾਲਤ ਦੀ ਤਸਵੀ ਰ ਗੁਰਬਾਣੀ ਵਿਚ ਇਸ ਤਰ੍ਹਾਂ ਖਿੱਚੀ ਗਈ ਹੈ-
ਕਾਲ ਬੂਤ ਕੀ ਹਸਤਨੀ ਮਨ ਬਉਰਾ ਰੇ ਚਲਤ ਰਚਿਓ ਜਗਦੀਸ।।
ਕਾਮ ਸੁਆਇ ਗਜ ਬਸਿ ਪਰੇ ਮਨ ਬਉਰਾ ਰੇ ਅੰਕਸ ਸਹਿਓ ਸੀਸ।। ਪੰਨਾ ਨੰ: ੩੩੫-੩੬
ਅਤੇ, 'ਕਾਮ ਮਾਇਆ ਕੁੰਚਰ ਕਉ ਦੀਨੀ' ਵੀ ਇਸੇ ਵਾਸਤੇ ਆਖਿਆ ਹੈ।

ਪਿੰਡਾ ਵਿਚ ਮੱਝਾਂ ਤੇ ਗਊਆਂ ਵਾਸਤੇ ਲੋਕਾਂ ਨੇ ਸਾਹਨ ਛੱਦੇ ਹੋਏ ਹੁੰਦੇ ਹਨ। ਉਹਨਾਂ ਪਤਸ ਅੱਠ ਅੱਠ ਤੇ ਦਸ ਦਸ ਮੱਝਾਂ ਤੇ ਗਊਆਂ ਹਰ ਰੋਜ਼ ਆ ਜਾਂਦੀਆਂ ਹਨ। ਉਹ ਤਿੰਨ ਤਿੰਨ ਤੇ ਚਾਰ ਚਾਰ ਵਾਰ ਇਕ ਇਕ ਨਾਲ ਸਪਰਸ਼ ਕਰਦੇ ਹਨ। ਇਹ ਮਹਾਤਮਾ ਵੀ ਘਾਸ ਫੂਸ ਤੇ ਸਬਜ਼ੀ ਆਦਿਕ ਸੰਤਾ ਵਾਲਾ ਸਤੋ ਗੁਣੀ ਖਾਣਾ ਹੀ ਖਾਂਦੇ ਹਨ ਤੇ ਖਾਂਦੇ ਵੀ ਮਿਰਚ ਮਸਾਲੇ ਤੋਂ ਬਿਨਾਂ ਹਨ । ਮਾਸ ਨੂੰ ਤਾਂ ਕਦੇ ਉਹਨਾਂ ਸੁੰਘ ਕੇ ਵੀ ਨਹੀਂ ਵਿਖਿਆ।

ਸਭ ਤੋਂ ਵਧ ਬੀਰਜਵਾਨ ਘੋੜਾ ਕਥਨ ਕੀਤਾ ਗਿਆ ਹੈ। ਇਹ ਵੀ ਛੋਲੇ ਛਪਟੇ ਤੇ ਘਾਸ-ਫੂਸ ਹੀ ਖਾਂਦਾ ਹੈ।

ਪਿੰਡਾ ਵਿਚ ਬੱਕਰੀਆਂ ਦੇ ਵੱਡੇ ਵੱਡੇ ਇਜੜ ਵੇਖਣ ਵਿਚ ਆਉਂਦੇ ਹਨ। ਇਲ ਇਜੜ ਵਿਚ ਕੇਵਲ ਇਕ ਸਾਹਨ ਬੱਕਰਾ ਹੁੰਦਾ ਹੈ ਤੇ ਚੱਬਦਾ ਹੈ ਕਿੱਕਰਾਂ ਬੇਰੀਆਂ ਦੇ ਕੰਡੇ। ਉਸ ਨੂੰ ਕਿਸੇ ਨੇ ਅੱਜ ਤਕ ਤਿੱਤਰਾਂ ਤੇ ਬਟੇਰਿਆਂ ਖਾਂਦਿਆ ਨਹੀਂ ਵੇਖਿਆ। ਇਸ ਜਾਨਵਰ ਇਸ ਸਤੋਗੁਣੀ ਭੋਜਨ ਨੂੰ ਛਕਣ ਦੇ ਕਾਰਨ ਇਤਨਾ ਜਤੀ ਸਤੀ ਸਾਬਤ ਹੋਇਆ ਹੈ ਕਿ ਹਰ ਵੇਲੇ ਬੁਲਬੁਲੀਆਂ ਹੀ ਦੇਂਦਾ ਰਹਿੰਦਾ ਹੈ।

ਜਿੱਥੌਂ ਤਕ ਕਾਮ ਚੇਸ਼ਟਾ ਪੈਦਾ ਕਰਨ ਦਾ ਸੰਬੰਧ ਹੈ ਮਾਂਹ ਦੀ ਦਾਲ ਵੀ ਕਿਸੇ ਤੋਂ ਘੱਟ ਨਹੀਂ। ਮਦਨ ਪਾਲ ਨਿਘੰਟੂ ਵਿਚ ਇਸ ਦੇ ਪੰਜ ਨਾਮ ਲੋਖੇ ਹਨ। ਜਿਨ੍ਹਾਂ ਵਿਚੋਂ ਇਕ ਨਾਮ ਵੀਰਯ ਕਰ ਹੈ। ਇਸ ਦੇ ਗੁਣ ਇਹ ਕਥਨ ਕੀਤੇ ਗਏ ਹਨ। 'ਯਹ ਭਾਰੀ, ਪਾਕ ਮੇਂ ਪੀਠਾ ਔਰ ਚਿਕਨਾ ਹੋਤਾ ਹੈ। ਪੁਰਸ਼ਾਰਥ ਕੋ ਬੜ੍ਹਾਤਾ ਹੈ। ਵਾਤ ਕੋ ਹਰਤਾ ਹੈ, ਗਰਮ ਹੈ, ਤ੍ਰਿਪਤੀਕਾਰੀ ਔਰ ਬਲਦਾਇਕ ਹੈ, ਵੀਰਯ ਕੋ ਉਪਜਾਤਾ ਹੈ। ਮਾਂਹ ਗੁਣਾਂ ਦੇ ਲਿਹਾਜ ਨਾਲ ਮਾਸ ਦੇ ਬਰਾਬਰ ਹਨ।

ਪਰ ਜਿਹੜੇ ਮਹਾਤਮਾ ਵਟਾਲੇ ਦੇ ਮਾਹਾਂ ਨੂੰ ਗਰਮ ਮਸਾਲਿਆਂ ਨਾਲ ਬਰੂਦ ਬਣਾ ਕੇ ਤਰੋ ਤਰੀ ਘਿਉ ਪਾ ਕੇ ਬਾਟਿਆ ਦੇ ਬਾਟੇ ਭਰ ਭਰ ਕੇ ਛਕ ਜਾਂਦੇ ਹਨ, ਉਹਨਾਂ ਦੀ ਨੀਯਤ ਕਾਮ ਚੇਸ਼ਟਾ ਤੋਂ ਬਚਣ ਵਾਲੀ ਕਿਸ ਤਰ੍ਹਾਂ ਸਮਝੀ ਜਾ ਸਕਦੀ ਹੈ।

ਹੋਰ, ਕਾਮ ਚੇਸ਼ਟਾ ਪੈਦਾ ਕਰਨ ਦੇ ਮੈਦਾਨ ਵਿਚ ਦੁੱਧ ਸਭ ਤੋਂ ਬਾਜੀ ਲੈ ਗਿਆ ਹੈ। ਵੈਦਕ ਗ੍ਰੰਥਾ ਵਿਚ ਦੁੱਧ ਨੂੰ 'ਸ਼ੁਕ੍ਰਲ' -ਵੀਰਯ ਕੋ ਸ਼ਿਘਰ ਉਤਪੰਨ ਕਰਨੇ ਵਾਲਾ- ਤੇ ਅਤਿਅੰਤ ਬਾਜੀਕਰਣ -ਘੋੜੇ ਸਮਾਨ ਬੀਰਜ ਕੋ ਬੜ੍ਹਾਨੇ ਵਾਲਾ- ਅਤੇ -ਕਾਮੀ ਕੋ ਗੁਰ ਜਾਨੋ ਮੀਤ- ਕਾਮੀਆਂ ਦਾ ਗੁਰੂ ਲਿਖਿਆ ਹੋਇਆ ਹੈ। ਮਾਸ ਵਿਚਾਰਾ ਤਾਂ ਇਸ ਦੇ ਮੁਕਾਬਲੇ ਕੁਝ ਵੀ ਹੈਸੀਆਤ ਨਹੀਂ ਰੱਖਦਾ।

ਵੈਦਕ ਗ੍ਰੰਥਾ ਵਿਚ ਇਸ -ਮਾਸ- ਦੇ ਗੁਣ ਇਸ ਤਰ੍ਹਾਂ ਦਸੇ ਹਨ:-
ਸਰਬ ਪ੍ਰਕਾਰ ਦੇ ਮਾਂਸ ਵਾਤ ਨਾਸ਼ਕ, ਪੁਸ਼ਟਿਕਾਰਕ (ਸਰੀਰ ਮੋਟਾ ਕਰਨ ਵਾਲੇ), ਬਲ ਵਰਧਕ, ਤ੍ਰਿਪਤੀ ਦਾਇਕ (ਭੁੱਖ ਦੂਰ ਕਰਨ ਵਾਲੇ), ਭਾਰੀ, ਹ੍ਰਿਦਯ ਕੋ ਪ੍ਰਿਯ -ਮਨ ਨੂੰ ਪਿਆਰੇ ਲਗਣ ਵਾਲੇ- ਰਸ-ਤਥਾ ਪਾਕ ਮੇ ਮਧੁਰ (ਮਿਠੇ) ਹੈਂ (ਦੇਖੋ, ਭਾਚ ਪ੍ਰਕਾਸ ਤੇ ਮਦਨ ਪਾਲ ਨਿਘੰਟੂ)। ਇਹ ਗੁਣ ਮਾਸ ਦੇ ਸਮੁੱਚੇ ਤੌਰ ਤੇ ਲਿਖੇ ਹਨ। ਇੱਥੇ ਕਾਮ ਚੇਸ਼ਟਾ ਪੈਦਾ ਕਰਨ ਦਾ ਕੋਈ ਜ਼ਿਕਰ ਨਹੀਂ ਨਹੀ। ਕਿਸੇ ਕਿਸੇ ਜਾਨਵਰ ਦਾ ਮਾਸ ਮਾਂਹ ਦੀ ਤਰ੍ਹਾਂ ਹੀ ਬੀਰਜ ਨੂੰ ਪੁਸ਼ਟ ਕਰਨ ਵਾਲਾ ਵੀ ਲਿਖਿਆ ਹੈ, ਓਹ ਸਾਧਾਰਨ ਤੌਰ ਤੇ ਹੀ ਹੈ, ਪਰ ਦੁੱਧ ਦੀ ਬਰਾਬਰੀ ਤਾਂ ਕੋਈ ਕਰ ਹੀ ਨਹੀ ਸਕਦਾ। ਕਿਉਂਕਿ ਕਾਮੀਆਂ ਦਾ ਗੁਰੂ ਹੋਣ ਦਾ ਮਾਣ ਦੁੱਧ ਤੋਂ ਬਿਨਾਂ ਕਿਸੇ ਪਦਾਰਥ ਨੂੰ ਭੀ ਪ੍ਰਾਪਤ ਨਹੀਂ ਹੋਇਆ।

ਕਿਉਂਕਿ ਮਾਸ ਨਾਂ ਤਾਂ ਦੁੱਧ ਵਾਂਗੂ ਸ਼ੁਕ੍ਰਲ (ਬੀਰਜ ਨੂੰ ਸ਼ਿਘਰ ਉਤਪੰਨ ਕਰਨੇ ਵਾਲਾ) ਤੇ ਨਾ ਬਾਜੀ ਕਰਨ (ਘੋੜੇ ਸਮਾਨ ਬੀਰਜ ਪੈਦਾ ਕਰਨ ਵਾਲਾ) ਹੀ ਹੈ। ਪਰ ਭਾਈ ਸਾਹਿਬ ਦੀ ਅਦਾਲਤ ਨੇ ਤਾਂ ਖੂਨੀ (ਦੁੱਧ) ਨੂੰ ਬਰੀ ਕਰ ਦਿੱਤਾ ਹੈ ਤੇ ਵਿਚਾਰੇ ਨਿਰਦੋਸ਼ ਮਾਸ ਨੂੰ ਫਾਂਸੀ ਚਾੜ੍ਹ ਦਿੱਤਾ ਹੈ। ਸਾਈਂ ਬੇਲ੍ਹੇ ਸ਼ਾਹ ਨੇ ਠੀਕ ਹੀ ਆਖਿਆ ਹੈ ਕਿ -
'ਓਥੇ ਘਾੜ ਘੜੀਂਦੇ ਹੋਰ। ਬਝਦੇ ਸਾਧ ਤੇ ਛੁਟਦੇ ਚੋਰ।'

ਮੈ ਤਾਂ ਕਹਿੰਦਾ ਹਾਂ ਕਿ ਜਿਹੜੇ ਸੱਜਣ ਭਾਈ ਸਾਹਿਬ ਦੀ ਕਥਨੀ ਅਨੁਸਾਰ, ਮਾਸ ਦੇ ਰਸ ਨੂੰ ਕਾਮ ਚੇਸ਼ਟਾਂ ਤੇ ਵਿਸ਼ੇ ਵਿਕਾਰ ਪੈਦਾ ਕਰਨ ਵਾਲਾ ਸਮਝ ਕੇ ਸਭ ਤੋਂ ਭ੍ਰਿਸ਼ਟ ਤੇ ਪ੍ਰਿਥਮ ਤਿਆਗਣ ਯੋਗ ਸਮਝਦੇ ਹਨ, ਉਹਨਾਂ ਨੂੰ ਵੀ ਧਿਆਨ ਦੇਣਾ ਚਾਹੀਦਾ ਹੈ। ਕਿਉਂਕਿ ਭਾਈ ਸਾਹਿਬ ਦੀ ਦਲੀਲ ਅਨੁਸਾਰ ਤਾਂ ਇਹ ਦੁੱਧ ਵੀ ਸਭ ਤੋਂ ਜ਼ਿਆਦਾ ਭ੍ਰਿਸ਼ਟ ਰਸ ਸਾਬਤ ਹੁੰਦਾ ਹੈ, ਜਿਸ ਨੂੰ ਗੁਰਬਾਣੀ ਵਿਚ ਅੰਮ੍ਰਿਤ ਕਥਨ ਕੀਤਾ ਹੈ, 'ਜੇ ਛਡੇ ਤੇ ਅੰਨ੍ਹਾ, ਹੇ ਖਾਵੇ ਤਾਂ ਕੋਹੜੀ'

ਕਾਮ ਚੇਸ਼ਟਾਂ ਪੈਦਾ ਕਰਨ ਵਾਲੀਆਂ ਹੋਰ ਚੀਜ਼ਾਂ:-
ਵੈਦਕ ਗ੍ਰੰਥਾ ਵਿਚ ਕਾਮ ਚੇਸ਼ਟਾਂ ਪੈਦਾ ਕਰਨ ਵਾਲੇ ਹਜ਼ਾਰਾਂ ਦੀ ਗਿਣਤੀ ਵਿਚ ਨੁਸਖੇ ਲਿਖੇ ਹੋਏ ਮਿਲਦੇ ਹਨ, ਉਹਨਾਂ ਵਿਚ ਨੜਿਨਵੇਂ ਫੀ ਸਦੀ ਬਨਾਸਪਤੀ ਦੇ ਅੰਗ ਹਨ ਤੇ ਉਹਨਾਂ ਸਭਨਾਂ ਦਾ ਅਨੂਪਾਨ ਵੀ ਦੁੱਧ ਹੀ ਹੈ। ਕੁਝ-ਕੁ ਨਮੂਨੇ ਆਪ ਦੇ ਪੇਸ਼ ਕੀਤੇ ਜਾਂਦੇ ਹਨ।

ਯਥਾ ਸੋਰਠਾ:- ਆਫੂ, ਕੇਸਰ, ਸੁੰਠ, ਮਰਚ, ਪੀਪਰੀ, ਅਕਰਕਰ, ਜਲਵਤਰੀ ਲੈ ਗੁੰਠ, ਏਲਾ ਲਘੂ, ਜਾਤੀ ਫਲਾ, ਕੇਸਰ ਗਜ, ਧਤੂਰ, ਦਾਰਚਿਨੀ ਭਨ ਰੇਣਕਾ ਮੋਚ ਰਸੇ ਲੈ ਪੂਰ, ਪਾਨ ਰੁਸੇ ਇਕ ਜਾਮ ਘਿਸ, ਗੁਟੀ ਚਨਕ ਪੈ ਸੰਗ ਨਿਸ ਕੋ ਸੋਵਤ ਖਾਇਐ ਬਧਤ ਬੀਜ ਤੀਆ ਸੰਗ, ਏਕ ਪਹਿਰ ਬੰਦੇਜ ਭਨ।

ਪੁਨਹਾ-
ਤ੍ਰਯੁਖਨ, ਤ੍ਰਿਫਲਾ, ਛੜ ਗਹੋ, ਤੁਗ, ਏਲਾ, ਕੰਕੋਲ।
ਪੱਤ੍ਰਜ ਕੇਸਰ ਚੰਦਨੰ ਜਾਤਿ ਪਤ੍ਰ ਲੈ ਘੋਲ।
ਲੋਂਗ ਸ੍ਰਿਂਗਾਰਕ ਕਮਲ ਹੀ ਉਪ ਕੁੰਚਕ ਅਜਵਾਨ।
ਸਭ ਤੇ ਆਧੀ ਬੰਗ ਧਰ ਚੂਰਨ ਪੀਸੀ ਠਾਨ।


ਇਸ ਦਾ ਨਤੀਜਾ ਇਹ ਦਸਿਆ ਹੈ-

ਖੰਡ ਪੁਰਖ ਬਹੁ ਤਿਰੀਆ ਰਮਹੇ ਜੇਸੇ ਚਟਕ ਬੀਚਾਰੋ।
ਬਾਜੀ ਕਰਨ ਕਹਿਓ ਇਹ ਚੂਰਨ ਬੰਗ ਸੈਨ ਮਤ ਧਾਰੋ। (ਮੇਘ ਬਿਨੋਧ)


ਇਹਨਾਂ ਨੁਸਖਿਆਂ ਦਾ ਗੁਣ ਇਹ ਦਸਿਆ ਗਿਆ ਹੈ ਕਿ ਇਹ ਮਨੁੱਖ ਨੂੰ ਘੋੜੇ ਤੇ ਚਿੜੇ ਸਮਾਨ ਵਿਸ਼ਈ ਬਣਾ ਦੇਂਦੇ ਹਨ। ਪਰ ਇਨ੍ਹਾਂ ਵਿਚ ਮਾਸ ਦਾ ਮੁਸ਼ਕ ਮਾਤਰ ਵੀ ਨਹੀ। ਸਗੋਂ ਸਾਡੀ ਰੋਜ਼ ਵਰਤੋਂ ਵਿਚ ਆਉਣ ਵਾਲੀਆਂ ਚੀਜਾਂ, ਮਘਾਂ, ਮਿਰਚਾਂ, ਸੁੰਢ, ਹਰੜ, ਬੇਹੜੇ, ਆਮਲੇ, ਦਾਲ ਚੀਨੀ, ਲੌਂਗ ਤੇ ਇਲਾਚੀਆਂ ਸ਼ਾਮਲ ਹਨ।

ਇਹ ਮਸਾਲਾ ਜਿਸ ਸਬਜੀ ਵਿਚ ਵੀ ਪਾ ਦਿਓ ਉਸੇ ਵਿਚ ਕਾਮ ਚੇਸ਼ਟਾ ਭਰ ਦੇਵੇਗਾ। ਏਸੇ ਤਰ੍ਹਾਂ ਜੇ ਮਾਸ ਨੂੰ ਭੀ ਥੋਮ, ਗੰਢਾ, ਕਾਲੀ ਮਿਰਚ, ਦਾਲ ਚੀਨੀ, ਮੋਟੀ ਇਲਾਚੀ, ਅਦਰਕ ਤੇ ਕਸ਼ਮੀਰੀ ਜੀਰਾ ਆਦਿਕ ਮਸਾਲਿਆਂ ਨਾਲ, ਘਿਉ ਦਾ ਤੜਕਾ ਲਾ ਕੇ ਤਿਆਰ ਕੀਤਾ ਜਾਵੇ। ਤਾਂ ਕਾਮ ਚੇਸ਼ਟਾ ਪੈਦਾ ਕਰਨ ਦੇ ਯੋਗ ਹੋ ਸਕਦਾ ਹੈ।

ਸੋ ਨਾ ਇਨ੍ਹਾਂ ਮਸਾਲਿਆਂ ਬਿਨਾਂ ਮਾਸ ਹੀ ਸੁਆਦ ਬਣਦਾ ਹੈ ਤੇ ਨਾ ਆਲੂ ਗੋਭੀ ਤੇ ਭਿੰਡੀ ਤੋਰੀ ਆਦਿਕ। ਇਸ ਲਈ ਐਸਾ ਮਹਾਤਮਾ ਨਜ਼ਰ ਨਹੀਂ ਆਉਂਦਾ ਜੋ ਇਨ੍ਹਾਂ ਮਸਾਲਿਆਂ ਤੋਂ ਬਿਨਾਂ ਰਹਿ ਸਕੇ, ਜਿਸ ਚੀਜ ਨੂੰ ਵੀ ਲੂਣ ਮਿਰਚ ਤੇ ਮਸਾਲੇ ਬਿਨਾਂ ਤਿਆਰ ਕੀਤਾ ਜਾਵੇਗਾ ਉਹ ਕਦੇ ਸੰਘੋ ਹੇਠ ਉਤਰ ਨਾਂ ਸਕੇਗੀ, ਸੋ ਰਸ਼ਾਂ ਕਸਾਂ ਤੋਂ ਉਪਰਾਮ ਸੱਜਣਾ ਨੂੰ ਪ੍ਰਥਮ ਲੂਣ ਦੇ ਰਸ ਤੋਂ ਹੀ ਪ੍ਰਹੇਜ ਕਰਕੇ ਦਸਣਾ ਚਾਹੀਦਾ ਹੈ। ਕਿਉਂਕਿ ਸਿੰਘਾ ਦੇ ਬੋਲਿਆਂ ਵਿਚ ਇਸੇ ਨੂੰ ਸਰਬ ਰਸ ਆਖਿਆ ਹੈ।
----------------------------------------